ਫਿਰੋਜ਼ਪੁਰ 10,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਹਲਕਾ ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਸਿੰਘ ਨੋਨੀ ਮਾਨ ਉੱਪਰ ਫਾਇਰਿੰਗ ਹੋਈ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚੇ ਹਨ। ਇਸ ਦਾ ਪਤਾ ਲੱਗਦਿਆਂ ਹੀ ਸੰਸਦ ਮੈਂਬਰ ਹਰਸਿਮਰਤ ਬਾਦਲ ਸਾਰੇ ਪ੍ਰੋਗਰਾਮ ਰੱਦ ਕਰਕੇ ਐਸਐਸਪੀ ਦਫਤਰ ਪਹੁੰਚੇ ਹਨ।
ਦਰਅਸਲ ਅਕਾਲੀ ਦਲ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਹਰਸਿਮਰਤ ਬਾਦਲ ਅੱਜ ਫਿਰੋਜ਼ਪੁਰ ਪਹੁੰਚੇ ਸੀ। ਇਸ ਦੌਰਾਨ ਹੀ ਨੋਨੀ ਮਾਨ ਉੱਪਰ ਫਿਰੋਜ਼ਪੁਰ ਦੇ ਮਖੂ ਗੇਟ ਕੋਲ ਹਮਲਾ ਹੋਇਆ।
ਫਿਰੋਜ਼ਪੁਰ ਵਿੱਚ ਹਰਸਿਮਰਤ ਬਾਦਲ ਦਾ ਜ਼ਬਰਦਸਤ ਵਿਰੋਧ ਹੋਇਆ। ਲੋਕਾਂ ਨੇ ਹਰਸਿਮਰਤ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਇਸ ਮੌਕੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਪਿਛਲੇ ਢਾਈ ਸਾਲ ਤੋਂ ਕਿੱਥੇ ਸੀ। ਲੋਕਾਂ ਨੇ ਸੁਖਬੀਰ ਬਾਦਲ ਨੂੰ ਵੀ ਭਗੌੜਾ ਕਰਾਰ ਦਿੱਤਾ। ਇਸ ਦੌਰਾਨ ਕਾਫੀ ਤਲਖੀ ਵਾਲਾ ਮਾਹੌਲ ਬਣ ਗਿਆ। ਅਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਹ ਸਭ ਕਾਂਗਰਸ ਦੀ ਸ਼ਰਾਰਤ ਹੈ। ਕਾਂਗਰਸੀ ਜਾਣਬੁੱਝ ਕੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਵਿਘਣ ਪਾ ਰਹੇ ਹਨ।