ਬੈਂਕ ਦਾ ਏ. ਟੀ. ਐੱਮ. ਲੁੱਟਣ ਦੀ ਨੀਅਤ ਨਾਲ ਕੀਤੀ ਭੰਨ-ਤੋੜ

0
1
ਤਲਵੰਡੀ ਸਾਬੋ, (ਸਾਰਾ ਯਹਾ )- ਸਥਾਨਕ ਸ਼ਹਿਰ ਦੇ ਰਾਮਾਂ ਰੋਡ ‘ਤੇ ਗੁਰੂ ਕਾਸ਼ੀ ਕਾਲਜ ਦੇ ਸਾਹਮਣੇ ਕੇਨਰਾ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ. ਟੀ. ਐੱਮ. ਨੂੰ ਲੁੱਟਣ ਦੀ ਨੀਅਤ ਨਾਲ ਬੀਤੀ ਰਾਤ ਕਿਸੇ ਅਣਪਛਾਤੇ ਨੇ ਭੰਨ-ਤੋੜ ਕਰ ਦਿੱਤੀ ਪਰ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕੇਨਰਾ ਬੈਂਕ ਦੇ ਬ੍ਰਾਂਚ ਮੈਨੇਜਰ ਜੇ. ਪੀ. ਬਾਵਾ ਨੇ ਦੱਸਿਆ ਕਿ ਰਾਤ 9.15 ਵਜੇ ਬੈਂਕ ਦਾ ਮੁਲਾਜ਼ਮ ਏ. ਟੀ. ਐੱਮ. ਬੰਦ ਕਰ ਕੇ ਬਾਹਰੀ ਸ਼ਟਰ ਨੂੰ ਤਾਲੇ ਲਾ ਕੇ ਚਲਾ ਗਿਆ ਸੀ ਪਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਨੁਸਾਰ ਰਾਤ 12.45 ਵਜੇ ਇਕ ਨਕਾਬਪੋਸ਼ ਵਿਅਕਤੀ ਸ਼ਟਰ ਦੇ ਤਾਲੇ ਤੋੜ ਕੇ ਏ. ਟੀ. ਐੱਮ. ਵਾਲੇ ਕਮਰੇ ‘ਚ ਦਾਖਲ ਹੋਇਆ, ਜਿਸ ਨੇ ਕੈਸ਼ ਲੁੱਟਣ ਦੀ ਨੀਅਤ ਨਾਲ ਏ. ਟੀ. ਐੱਮ. ਮਸ਼ੀਨ ਦੀ ਭੰਨ-ਤੋੜ ਕੀਤੀ। ਪਰ ਉਹ ਸਫਲ ਨਹੀਂ ਹੋ ਸਕਿਆ। ਏ. ਟੀ. ਐੱਮ. ਦੀ ਭੰਨ-ਤੋੜ ਬਾਰੇ ਸਵੇਰੇ ਉਸ ਸਮੇਂ ਪਤਾ ਲੱਗਾ ਜਦ ਬੈਂਕ ਦਾ ਇਕ ਮੁਲਾਜ਼ਮ ਬ੍ਰਾਂਚ ਪਹੁੰਚਿਆ। ਉਨ੍ਹਾਂ ਦੱਸਿਆ ਕਿ ਚਾਹੇ ਅਣਪਛਾਤਾ ਕੈਸ਼ ਲੁੱਟਣ ‘ਚ ਨਾਕਾਮ ਰਿਹਾ ਪਰ ਮਸ਼ੀਨ ਦੀ ਭੰਨ-ਤੋੜ ਕਰਨ ਨਾਲ ਡੇਢ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਮੈਨੇਜਰ ਜੇ. ਪੀ. ਬਾਵਾ ਨੇ ਦੱਸਿਆ ਕਿ ਉਨ੍ਹਾਂ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ। ਤਲਵੰਡੀ ਸਾਬੋ ਪੁਲਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਵਾਰਦਾਤ ਦਾ ਜਾਇਜ਼ਾ ਲਿਆ ਅਤੇ ਮੈਨੇਜਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA

 

LEAVE A REPLY

Please enter your comment!
Please enter your name here