ਬਰਨਾਲਾ ‘ਚ ਅਫੀਮ-ਭੁੱਕੀ ਦੀ ਖੇਤੀ ਸ਼ੁਰੂ! ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਨੇ ਪਾਈਆਂ ਭਾਜੜਾਂ

0
173

ਬਰਨਾਲਾ: ਇੱਥੋਂ ਦੇ ਕਿਸਾਨਾਂ ਵੱਲੋਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰਨ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਹੈ। ਇਸ ਮਗਰੋਂ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮਾਮਲਾ ਸਾਹਮਣੇ ਆਉਂਦਿਆਂ ਹੀ ਪ੍ਰਸ਼ਾਸਨ ਜਾਂਚ ਵਿੱਚ ਜੁਟ ਗਿਆ ਹੈ।

ਦਰਅਸਲ ਵਾਇਰਲ ਵੀਡੀਓ ਵਿੱਚ ਕਿਸਾਨ ਅਫੀਮ ਦੀ ਖੇਤੀ ਦੇ ਬੀਜ ਖਸਖਸ ਦੀ ਬਿਜਾਈ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਬੋਲਣ ਵਾਲਾ ਨੌਜਵਾਨ ਆਪਣੇ ਆਪ ਨੂੰ ਕੋਟ ਦੋਨਾਂ ਪਿੰਡ ਦਾ ਦੱਸ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਅੱਜ ਉਨ੍ਹਾਂ ਵੱਲੋਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਅਫੀਮ ਦੀ ਖੇਤੀ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਕਰਨ ਦੀ ਗੱਲ ਕਹੀ ਗਈ ਹੈ।

ਨੌਜਵਾਨ ਕਿਸਾਨ ਵੱਲੋਂ ਕਿਸਾਨ ਯੂਨੀਅਨ ਦਾ ਬਿੱਲਾ ਆਪਣੀ ਜੇਬ ‘ਤੇ ਲਾਇਆ ਹੋਇਆ ਹੈ ਤੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਨੌਜਵਾਨ ਕਿਸਾਨ ਕਹਿ ਰਿਹਾ ਹੈ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ। ਅੱਜ ਪੂਰੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਖਸਖਸ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੀ ਖੇਤੀ ਸ਼ੁਰੂ ਹੋ ਗਈ ਹੈ।

ਉਨ੍ਹਾਂ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਹਰ ਹਾਲ ਵਿੱਚ ਪੂਰਾ ਕਰ ਰਹੇ ਹਨ। ਆਪਣੀ ਗੱਲ ‘ਤੇ ਖਰੇ ਉੱਤਰ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਅੱਜ ਅਫੀਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਹੈ। ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰਨ ਦੀ ਇਹ ਵੀਡੀਓ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਛਾਈ ਹੋਈ ਹੈ। ਇਸ ਵੀਡੀਓ ਵਿੱਚ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਵੀ ਚੁੱਕੇ ਹੋਏ ਹਨ।

ਇਸ ਬਾਰੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਅਫੀਮ ਦੀ ਖੇਤੀ ਪੰਜਾਬ ਵਿੱਚ ਗੈਰ ਕਾਨੂੰਨੀ ਹੈ। ਇਸ ਮਾਮਲੇ ਵਿੱਚ ਐਸਐਸਪੀ ਬਰਨਾਲਾ ਨੂੰ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਹੈ। ਜਦੋਂ ਇਸ ਮਾਮਲੇ ਸਬੰਧੀ ਐਸਐਸਪੀ ਬਰਨਾਲਾ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here