ਪਿੰਡ ਘਰਾਂਗਣਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਜੀਰੋ ਬਰਨਿੰਗ ਦਾ ਸੱਦਾ

0
13

ਮਾਨਸਾ, 25 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਮੁਤਾਬਿਕ ਅਤੇ ਮੁੱਖ ਖੇਤੀਬਾੜੀ ਅਫਸਰ ਡਾ: ਗੁਰਮੇਲ ਸਿੰਘ ਚਹਿਲ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਪਿੰਡ ਘਰਾਂਗਣਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦੇਣ ਹਿੱਤ ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਪ੍ਰਦੀਪ ਸਿੰਘ ਨੇ ਪਿੰਡ ਘਰਾਂਗਣਾ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਘਰਾਂਗਣਾ ਦੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਸੁਝਵਾਨ, ਤਕਨੀਕੀ ਅਤੇ ਵਾਤਾਵਰਣ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਦਿੰਦਿਆਂ ਲਗਭਗ 80 ਫੀਸਦੀ ਰਕਬੇ ਵਿੱਚ ਅੱਗ ਨਹੀਂ ਲਗਾਈ ਸੀ ਅਤੇ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਕਣਕ ਦੀ ਜ਼ਿਆਦਾਤਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ। ਉਨਾਂ ਦੱਸਿਆ ਕਿ ਕਿਸਾਨਾਂ ਦੀ ਅਗਾਂਹ-ਵਧੂ ਸੋਚ ਕਰਕੇ ਇਸ ਵਾਰ ਪਿੰਡ ਘਰਾਗਣਾਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਜੀ ਦੀ ਅਗਵਾਈ ਹੇਠ ਜੀਰੋ ਬਰਨਿੰਗ ਲਈ ਚੁਣਿਆ ਗਿਆ ਹੈ ਅਤੇ ਜਿਲ੍ਹੇ ਵਿੱਚ 13 ਹੋਰ ਪਿੰਡ ਚੁਣੇ ਗਏ ਹਨ, ਜਿਨ੍ਹਾਂ ਵੱਲੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ। ਡਾ. ਪ੍ਰਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇੱਕ ਵੀ ਏਕੜ ਖੇਤ ਦੀ ਪਰਾਲੀ ਨਾ ਸਾੜੀ ਜਾਵੇ, ਤਾਂ ਜੋ ਘਰਾਂਗਣਾ ਪਿੰਡ ਦਾ ਨਾਮ ਪੂਰੇ ਜ਼ਿਲ੍ਹੇ ਲਈ ਪ੍ਰੇਰਨਾ ਦਾ ਸਰੋਤ ਬਣ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਲ ਖੇਤੀਬਾੜੀ ਵਿਭਾਗ ਵੱਲੋਂ ਇਸ ਪਿੰਡ ਲਈ 5 ਕਿਸਾਨ ਗਰੁੱਪਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੰਨਾਂ ਨੂੰ 80 ਪ੍ਰਤੀਸ਼ਤ ਸਬਸਿਡੀ ‘ਤੇ ਮਸੀਨਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਨਿੱਜੀ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ‘ਤੇ ਜੀਰੋ ਡਰਿੱਲ ਅਤੇ ਪੈਡੀ ਸਟਰਾਅ ਚੌਪਰ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਛੋਟੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ-ਆਪਣੀ ਮਸ਼ੀਨਰੀ ‘ਤੇ ਜਿਆਦਾ ਖਰਚਾ ਕਰਨ ਨਾਲੋਂ ਚਾਹੀਦਾ ਹੈ ਕਿ ਇਹਨਾਂ ਕਿਸਾਨ ਗਰੁੱਪਾਂ ਤੋਂ ਕਿਰਾਏ ਉਪਰ ਨਵੀਂ ਤਕਨੀਕ ਦੀਆਂ ਮਸੀਨਾਂ ਨਾਲ ਕਣਕ ਦੀ ਬਿਜਾਈ ਘੱਟ ਖਰਚੇ ਵਿੱਚ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਏਕੜ ਵਿਚੋਂ 20-25 ਕੁਇੰਟਲ ਪਰਾਲੀ ਪੈਦਾ ਹੁੰਦੀ ਹੈ ਜਿਸ ਦੇ ਗਲਣ ਨਾਲ ਮਿੱਟੀ ਵਿੱਚ ਜੈਵਿਕ ਖਾਦਾ ਵਧਦਾ ਹੈ ਅਤੇ ਆਉਣ ਵਾਲੀਆਂ ਫਸਲਾਂ ਦੇ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਹੈ। ਡਾ. ਚਮਨਦੀਪ ਸਿੰਘ ਡੀ.ਪੀ.ਡੀ. ਆਤਮਾ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਵਲ ਸੁਧਰੀਆਂ ਕਿਸਮਾਂ ਦੇ ਬੀਜ ਹੀ ਬੀਜੇ ਜਾਣ ਅਤੇ ਖਾਦਾਂ ਦੀ ਵਰਤੋਂ ਦੀ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸਾਂ ਅਨੁਸਾਰ ਹੀ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਛੋਲੇ ਅਤੇ ਸਰੌਂ ਦੀ ਫਸਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਪਿੰਡ ਦੇ ਸਰਪੰਚ ਸ਼੍ਰੀ ਸੂਰਜ ਸਿੰਘ ਨੇ ਵਿਭਾਗ ਦੀ ਟੀਮ ਨੂੰ ਵਿਸ਼ਵਾਸ ਦਵਾਇਆ ਕਿ ਇਸ ਸਾਲ ਪਿੰਡ ਘਰਾਂਗਣਾ ਦੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ 100 ਪ੍ਰਤੀਸ਼ਤ ਰਕਬੇ ਦੀ ਬਿਜਾਈ ਹੈਪੀ ਸੀਡਰ ਅਤੇ ਜੀਰੋ ਡਰਿੱਲ ਨਾਲ ਕਰਨਗੇ। ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਸ਼੍ਰੀ ਹਰਚੇਕ ਸਿੰਘ ਅਤੇ ਸ਼੍ਰੀ ਗੁਰਬਖਸ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਵਰ ਕਿਸਾਨ ਸ਼੍ਰੀ ਨਜਸਵੀਰ ਸਿੰਘ, ਸ਼੍ਰੀ ਸਿੰਗਾਰਾ ਸਿੰਘ, ਸ਼੍ਰੀ ਸਿਕੰਦਰ ਅਤੇ ਸ਼੍ਰੀ ਭੋਲਾ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here